ਭਾਸ਼ਾ ਸੰਚਾਰ ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ

ਭਾਸ਼ਾ ਸੰਚਾਰ: ਮਨੁੱਖੀ ਜੀਵਨ ਦਾ ਲੋੜੀਂਦਾ ਅੰਗ ਸੰਚਾਰ ਹੈ। ਮਨੁੱਖ ਦੀਆਂ ਬੁਨਿਆਦੀ ਜ਼ਰੂਰਤਾਂ ਵਿੱਚ ਸੰਚਾਰ ਵੀ ਸ਼ਾਮਲ ਹੈ ਜਿਸ ਦੇ ਨਾ ਹੋਣ ਤੇ ਮਨੁੱਖ ਆਪਣੇ- ਆਪ ਨੂੰ ਅਧੂਰਾ ਮਹਿਸੂਸ ਕਰਦਾ ਹੈ। ‘ਸੰਚਾਰ’ ਸ਼ਬਦ ਲੈਟਿਨ ਭਾਸ਼ਾ ਦੇ ਕਮਯੂਨਿਸ ਸ਼ਬਦ ਤੋਂ ਬਣਿਆ ਹੈ ਜਿਸਦਾ ਭਾਵ ਹੈ ਕੁਝ ਸਾਂਝਾ ਕਰਨਾ, ਸੂਚਨਾ ਦੇਣਾ। ਸੰਚਾਰ ਰਾਹੀਂ ਇੱਕ ਮਨੁੱਖ ਦੂਜੇ ਮਨੁੱਖ ਨਾਲ ਸ਼ਬਦਾਂ, ਸੰਕੇਤਾਂ, ਚਿੰਨ੍ਹਾਂ ਰਾਹੀਂ ਸੂਚਨਾ, ਗਿਆਨ, ਭਾਵਨਾਵਾਂ ਦਾ ਅਦਾਨ-ਪ੍ਰਦਾਨ ਕਰਦਾ ਹੇ। ਸੰਚਾਰ ਮਾਨਵੀ ਸੰਬੰਧਾਂ ਦਾ ਆਧਾਰ ਹੈ। ਸੰਚਾਰ ਓਦੋਂ ਸਫਲ ਮੰਨਿਆ ਜਾਂਦਾ ਹੈ ਜਦੋਂ ਸੰਚਾਰਕ (speaker) ਤੇ ਗ੍ਰਹਿਣ ਕਰਤਾ (receiver) ਆਪਸੀ ਭਾਗੇਦਾਰੀ ਸਥਾਪਿਤ ਕਰਦੇ ਹਨ।

     ਭਾਸ਼ਾ ਸੰਚਾਰ ਦਾ ਮਾਧਿਅਮ ਹੈ। ਸਮਾਜ ਵਿੱਚ ਮਨੁੱਖ ਭਾਸ਼ਾ ਰਾਹੀਂ ਆਪਣੀ ਸਾਂਝ ਬਣਾਉਂਦਾ ਹੈ। ਇਸ ਸਦਕਾ ਹੀ ਉਹ ਆਪਣੇ ਵਿਚਾਰਾਂ ਨੂੰ ਸਾਂਝਾ ਕਰਦੇ ਹਨ। ਭਾਸ਼ਾ ਦੀ ਹੋਂਦ ਤੋਂ ਬਿਨਾਂ ਅਜਿਹੀ ਸਾਂਝ ਬਿਲਕੁਲ ਅਸੰਭਵ ਹੈ। ਆਮ ਰੋਜ਼ਾਨਾ ਜ਼ਿੰਦਗੀ ਵਿੱਚ ਵੀ ਦੋ ਵਿਅਕਤੀ ਇੱਕ ਦੂਜੇ ਦੇ ਨੇੜੇ ਸਮਝੇ ਜਾਂਦੇ ਹਨ ਜਦੋਂ ਉਹਨਾਂ ਵਿਚਕਾਰ ਬੋਲ-ਚਾਲ ਵੱਧ ਜਾਂਦੀ ਹੈ।

     ਭਾਸ਼ਾ ਸੰਚਾਰ ਵਿੱਚ ਭਾਸ਼ਾ ਦੇ ਉਹਨਾਂ ਪਹਿਲੂਆਂ ਦਾ ਵਿਵਰਨ ਦਿੱਤਾ ਜਾਂਦਾ ਹੈ ਜਿਹੜੇ ਭਾਸ਼ਾ ਦੀ ਸੰਚਾਰ ਪ੍ਰਕਿਰਿਆ ਨੂੰ ਸਾਕਾਰ ਬਣਾਉਂਦੇ ਹਨ। ਭਾਸ਼ਾ ਧੁਨੀ ਤੋਂ ਲੈ ਕੇ ਅਰਥ ਤਕ ਦਾ ਸਫ਼ਰ ਤੈ ਕਰਦੀ ਹੈ। ਭਾਸ਼ਾ ਸੰਚਾਰ ਓਦੋਂ ਸਾਰਥਕ ਹੁੰਦਾ ਹੈ ਜਦੋਂ ਸੰਚਾਰਕ ਜਿਸ ਅਰਥ ਦਾ ਸੰਦੇਸ਼ ਭੇਜਦਾ ਹੈ ਗ੍ਰਹਿਣ ਕਰਤਾ ਉਸ ਨੂੰ ਉਸੇ ਰੂਪ ਵਿੱਚ ਗ੍ਰਹਿਣ ਕਰਦਾ ਹੈ। ਇਹ ਓਦੋਂ ਸੰਭਵ ਹੁੰਦਾ ਹੈ ਜਦੋਂ ਸੰਚਾਰਕ ਅਤੇ ਗ੍ਰਹਿਣ ਕਰਤਾ ਦੀ ਭਾਸ਼ਾ ਸਾਂਝੀ ਹੋਵੇ। ਭਾਸ਼ਾ ਸੰਚਾਰ ਵਿੱਚ ਮੌਖਿਕ ਭਾਸ਼ਾ ਅਤੇ ਗ਼ੈਰ-ਮੌਖਿਕ ਭਾਸ਼ਾਵਾਂ ਦਾ ਅਧਿਐਨ ਕੀਤਾ ਜਾਂਦਾ ਹੈ। ਮੌਖਿਕ ਭਾਸ਼ਾ ਧੁਨੀ ਰੂਪ ਦੇ ਮਾਧਿਅਮ ਰਾਹੀਂ ਅਰਥਾਂ ਤਕ ਦਾ ਸਫ਼ਰ ਤੈ ਕਰਦੀ ਹੈ। ਜਦੋਂ ਕਿ ਗ਼ੈਰ-ਮੌਖਿਕ ਭਾਸ਼ਾ ਸੰਕੇਤ ਤੋਂ ਸਿੱਧਾ ਅਰਥਾਂ ਤੱਕ ਪਹੁੰਚ ਜਾਂਦੀ ਹੈ। ਬਰਲੋ ਅਨੁਸਾਰ :

          ਸੰਚਾਰ ਵਿੱਚ ਅਰਥ ਸੰਚਾਰਿਤ ਨਹੀਂ ਹੁੰਦਾ, ਸਿਰਫ ਸੰਦੇਸ਼ ਹੀ ਸੰਚਾਰਿਤ ਹੁੰਦੇ ਹਨ, ਸੰਦੇਸ਼ ਵਿੱਚ ਅਰਥ ਨਹੀਂ ਹੁੰਦੇ, ਉਹਦੇ ਸੰਪ੍ਰੇਸ਼ਣ ਵਿੱਚ ਹੁੰਦੇ ਹਨ ਜਿਹੜਾ ਸੰਦੇਸ਼ ਦਿੰਦਾ ਹੈ।

     ਸਪੀਰ ਅਨੁਸਾਰ :

          ਸੰਪ੍ਰੇਸ਼ਣ ਮੂਲ ਸੰਚਾਰ ਹੈ ਜਿਹਦੇ ਵਿੱਚ ਚੇਤਨ ਅਤੇ ਅਚੇਤਨ ਸਾਰੇ ਵਿਹਾਰ ਸੰਮਿਲਤ ਹਨ।

     ਸੰਚਾਰ ਪ੍ਰਕਿਰਿਆ ਦਾ ਅਰੰਭ ਸੰਚਾਲਕ ਅਤੇ ਗ੍ਰਹਿਣ ਕਰਤਾ ਦੇ ਵਿਚਕਾਰ ਸੰਦੇਸ਼ ਦੇ ਅਦਾਨ-ਪ੍ਰਦਾਨ ਨਾਲ ਹੁੰਦਾ ਹੈ। ਸੂਚਨਾ ਦਾ ਸੰਪ੍ਰੇਸ਼ਣ ਹੀ ਸੰਚਾਰ ਨਹੀਂ ਕਹਾਉਂਦਾ, ਉਸ ਦੀ ਪ੍ਰਭਾਵੀ ਪ੍ਰਤਿਕਿਰਿਆ ਤੋਂ ਸੰਚਾਰ ਦੇ ਸਾਰਥਕ ਹੋਣ ਦਾ ਅੰਦਾਜ਼ਾ ਲਾਇਆ ਜਾ ਸਕਦਾ ਹੈ। ਮਨੁੱਖੀ ਮਾਧਿਅਮ, ਗ੍ਰਹਿਣ ਕਰਤਾ, ਪ੍ਰਭਾਵ, ਸ੍ਰੋਤ, ਸੰਦੇਸ਼, ਪ੍ਰਭਾਵ/ ਫੀਡ ਬੈਕ ਸੰਚਾਰ ਪ੍ਰਕਿਰਿਆ ਦੇ ਤੱਤ ਹਨ। ਸ੍ਰੋਤ ਅਜਿਹਾ ਤੱਤ ਹੈ ਜਿਸਦੇ ਰਾਹੀਂ ਸੂਚਨਾ ਭੇਜੀ ਜਾਂਦੀ ਹੈ। ਸਮੁੱਚੀ ਸੰਚਾਰ ਪ੍ਰਕਿਰਿਆ ਸੰਦੇਸ਼ ਤੇ ਆਧਾਰਿਤ ਹੁੰਦੀ ਹੈ। ਇਹ ਸੰਦੇਸ਼ ਮਨੁੱਖੀ ਦਿਮਾਗ਼ਾਂ ਵਿੱਚੋਂ ਉਤਪੰਨ ਹੁੰਦਾ ਹੈ। ਸੰਚਾਰ ਦਾ ਮਾਧਿਅਮ ਭਾਸ਼ਾ ਹੈ ਜਿਹੜਾ ਲਿਖਤੀ ਅਤੇ ਮੌਖਿਕ ਰੂਪ ਵਿੱਚ ਹੁੰਦਾ ਹੈ। ਗ੍ਰਹਿਣ ਕਰਤਾ ਸੰਦੇਸ਼ ਗ੍ਰਹਿਣ ਕਰਦਾ ਹੈ। ਸੰਚਾਰ ਦਾ, ਗ੍ਰਹਿਣ ਕਰਤਾ ਉੱਤੇ ਕਿੰਨਾ ਪ੍ਰਭਾਵ ਪਿਆ, ਇਸ ਦਾ ਪਤਾ ਓਦੋਂ ਹੀ ਲੱਗਦਾ ਹੈ, ਜਦੋਂ ਗ੍ਰਹਿਣ ਕਰਤਾ ਆਪਣੀ ਪ੍ਰਤਿਕਿਰਿਆ ਜ਼ਾਹਰ ਕਰਦਾ ਹੈ।

     ਸੰਚਾਰ ਦਾ ਪ੍ਰੇਰਕ ਅੰਦਰੂਨੀ ਅਤੇ ਬਾਹਰੀ ਹੋ ਸਕਦਾ ਹੈ। ਮਨੁੱਖ ਦੇ ਦਿਮਾਗ਼ ਵਿੱਚ ਪੈਦਾ ਹੋਣ ਵਾਲੇ ਵਿਚਾਰ, ਧਾਰਨਾਵਾਂ ਮਨੁੱਖੀ ਚੇਹਰੇ ਦੇ ਹਾਵ-ਭਾਵ ਤੋਂ ਉਜਾਗਰ ਹੋ ਜਾਂਦੇ ਹਨ। ਸੰਚਾਰ ਪ੍ਰਕਿਰਿਆ ਦੋ ਪ੍ਰਕਾਰ ਦੀ ਹੁੰਦੀ ਹੈ-ਮੌਖਿਕ ਅਤੇ ਅਮੌਖਿਕ। ਮੌਖਿਕ ਸੰਚਾਰ ਵਿੱਚ ਅਸੀਂ ਉਹਨਾਂ ਚਿੰਨ੍ਹਾਂ ਦੀ ਵਰਤੋਂ ਕਰਦੇ ਹਾਂ ਜਿਨ੍ਹਾਂ ਦਾ ਅਰਥ ਸੰਚਾਰ ਵਿੱਚ ਸ਼ਾਮਲ ਸਾਰੇ ਲੋਕਾਂ ਲਈ ਇੱਕੋ ਜਿਹਾ ਹੁੰਦਾ ਹੈ। ਇਹਨਾਂ ਮੌਖਿਕ ਚਿੰਨ੍ਹਾਂ ਨੂੰ ਭਾਸ਼ਾ ਕਿਹਾ ਜਾਂਦਾ ਹੈ। ਭਾਸ਼ਾ ਸ਼ਬਦਾਂ ਦੇ ਸਮੂਹ ਤੋਂ ਬਣਦੀ ਹੈ। ਬਹੁਤਾ ਸੰਚਾਰ ਭਾਸ਼ਾ ਰਾਹੀਂ ਹੁੰਦਾ ਹੈ। ਅਸੀਂ ਆਪਣੀ ਭਾਸ਼ਾ ਵਿੱਚ ਸੋਚਦੇ ਅਤੇ ਬੋਲਦੇ ਹਾਂ ਜਿਸ ਰਾਹੀਂ ਅਸੀਂ ਦੂਜੇ ਨਾਲ ਸੰਪਰਕ ਜਾਂ ਸੰਬੰਧ ਸਥਾਪਿਤ ਕਰਦੇ ਹਾਂ।

     ਭਾਸ਼ਾ ਤਿੰਨ ਕਾਰਜ ਕਰਦੀ ਹੈ-ਨਾਮਕਰਨ, ਮਾਨਵੀ ਸੰਬੰਧਾਂ ਦਾ ਆਧਾਰ, ਸੂਚਨਾ ਪ੍ਰਚਾਰ/ਪ੍ਰਸਾਰ । ਨਾਮਕਰਨ ਦੀ ਪ੍ਰਕਿਰਿਆ ਵਿੱਚ ਅਸੀਂ ਭਾਸ਼ਾ ਦੇ ਜ਼ਰ੍ਹੀਏ ਮਨੁੱਖਾਂ ਅਤੇ ਵਸਤਾਂ ਦੀ ਪਹਿਚਾਣ ਕਰਦੇ ਹਾਂ ਅਤੇ ਉਹਨਾਂ ਨੂੰ ਨਾਂ ਦਿੰਦੇ ਹਾਂ। ਮਾਨਵੀ ਸੰਬੰਧਾਂ ਦੇ ਆਧਾਰ ਤੇ ਆਪਸੀ ਤਾਲਮੇਲ ਅਤੇ ਵਿਵਹਾਰ ਵਿੱਚ ਭਾਸ਼ਾ ਮਹੱਤਵਪੂਰਨ ਰੋਲ ਅਦਾ ਕਰਦੀ ਹੈ ਅਤੇ ਇੱਕ ਸਮੂਹ ਤੋਂ ਦੂਜੇ ਸਮੂਹ ਅਤੇ ਇੱਕ ਪੀੜ੍ਹੀ ਤੋਂ ਦੂਜੀ ਪੀੜ੍ਹੀ ਤੱਕ ਸੱਭਿਆਚਾਰਿਕ ਪ੍ਰਵਾਹ ਦਾ ਕੰਮ ਭਾਸ਼ਾ ਰਾਹੀਂ ਹੁੰਦਾ ਹੈ। ਇਸ ਤਰ੍ਹਾਂ ਭਾਸ਼ਾ ਰਾਹੀਂ ਸੂਚਨਾ ਦਾ ਪ੍ਰਚਾਰ ਅਤੇ ਪ੍ਰਸਾਰ ਹੁੰਦਾ ਹੈ।

     ਇਸੇ ਤਰ੍ਹਾਂ ਅਮੌਖਿਕ ਸੰਚਾਰ ਇੱਕ ਸੁਭਾਵਿਕ ਸੰਚਾਰ ਪ੍ਰਕਿਰਿਆ ਹੈ ਜਿਸ ਵਿੱਚ ਸੰਚਾਰ ਸੰਕੇਤਾਂ, ਇਸ਼ਾਰਿਆਂ ਅਤੇ ਹਾਵ-ਭਾਵ ਰਾਹੀਂ ਹੁੰਦਾ ਹੈ। ਇਸ ਨੂੰ ਮੌਖਿਕ ਸੰਚਾਰ ਤੋਂ ਵੱਖਰਾ ਰੱਖਣਾ ਸੰਭਵ ਨਹੀਂ। ਜਦੋਂ ਅਸੀਂ ਗੱਲ-ਬਾਤ ਕਰਦੇ ਹਾਂ ਉਸ ਸਮੇਂ ਸਾਰੇ ਚੇਹਰੇ ਦੇ ਭਾਵ, ਹੱਥਾਂ ਦੀ ਗਤੀ ਵੀ ਕੁਝ ਨਾ ਕੁਝ ਜ਼ਾਹਰ ਕਰਦੀ ਹੈ ਜਿਸ ਨੂੰ ਹਾਵ ਭਾਵ/ਮੁਦਰਾ ਵੀ ਕਿਹਾ ਜਾਂਦਾ ਹੈ। ਅਮੌਖਿਕ ਸੰਚਾਰ ਵਿੱਚ ਵਰਤੇ ਜਾਣ ਵਾਲੇ ਸੰਕੇਤ ਨਿਟਕਤਾ, ਸੰਪਰਕ, ਦਿਸ਼ਾ, ਵਿਅਕਤਿਤਵ, ਚੇਹਰੇ ਦੇ ਹਾਵ ਭਾਵ, ਗਤੀ, ਸਰੀਰਕ ਸਥਿਤੀ, ਸਿਰ ਝੁਕਾਉਣਾ, ਅੱਖਾਂ ਦੀ ਗਤੀ ਅਤੇ ਸੰਪਰਕ, ਭਾਸ਼ਾ ਦੇ ਅਮੌਖਿਕ ਪਹਿਲੂ ਜਿਵੇਂ ਸੁਰ, ਲਹਿਜਾ ਆਦਿ ਹਨ।

     ਲਿਖਤੀ ਅਤੇ ਮੌਖਿਕ ਸੰਚਾਰ ਵਿੱਚ ਅਵਾਜ਼ ਦਾ ਫ਼ਰਕ ਹੈ। ਮੌਖਿਕ ਸੰਚਾਰ ਵਿੱਚ ਅਵਾਜ਼ ਜਾਂ ਧੁਨੀਆਂ ਸੰਚਾਰ ਦਾ ਮਾਧਿਅਮ ਹਨ ਜਦੋਂ ਕਿ ਲਿਖਤੀ ਸੰਚਾਰ ਵਿੱਚ ਅੰਕਿਤ ਚਿੰਨ੍ਹਾਂ ਦਾ ਪ੍ਰਯੋਗ ਕੀਤਾ ਜਾਂਦਾ ਹੈ। ਅੰਕਨ ਦੇ ਤਕਨੀਕੀ ਵਿਕਾਸ ਨੇ ਸੰਚਾਰ ਨੂੰ ਵਧੇਰੇ ਗਤੀ ਪ੍ਰਦਾਨ ਕੀਤੀ ਹੈ।

     ਸੰਚਾਰ ਵਿੱਚ ਪ੍ਰਸੰਗ ਦਾ ਮਹੱਤਵ ਹੁੰਦਾ ਹੈ। ਉਪਚਾਰਿਕ ਸੰਚਾਰ ਨਿਯੰਤਰਿਤ ਹੁੰਦਾ ਹੈ। ਇਸ ਵਿੱਚ ਸਪਸ਼ਟ ਭਾਸ਼ਾ ਅਤੇ ਚੋਣਵੇਂ ਸ਼ਬਦਾਂ ਦੀ ਵਰਤੋਂ ਕੀਤੀ ਜਾਂਦੀ ਹੈ। ਜਿਵੇਂ ਕਿਸੇ ਮੀਟਿੰਗ ਜਾਂ ਇੰਟਰਵਿਊ ਦੇ ਸੰਦਰਭ ਵਿੱਚ ਸੰਚਾਰ ਉਪਚਾਰਕ ਹੁੰਦਾ ਹੈ, ਅਣਉਪਚਾਰਿਕ ਸੰਚਾਰ ਦੀ ਸਥਿਤੀ ਵਿੱਚ ਅਸੀਂ ਭਾਸ਼ਾ ਦੀ ਵਰਤੋਂ ਵੱਲ ਵਧੇਰੇ ਧਿਆਨ ਨਹੀਂ ਦਿੰਦੇ ਅਤੇ ਸੰਚਾਰ ਬਿਨਾਂ ਕਿਸੇ ਨੇਮਾਂ ਜਾਂ ਨਿਯੰਤਰਨ ਤੋਂ ਹੁੰਦਾ ਹੈ।

     ਸੰਚਾਰ ਵਿੱਚ ਰੁਕਾਵਟ ਓਦੋਂ ਪੈਦਾ ਹੁੰਦੀ ਹੈ ਜਦੋਂ ਸੰਚਾਲਕ ਰਾਹੀਂ ਭੇਜਿਆ ਗਿਆ ਸੰਦੇਸ਼ ਗ੍ਰਹਿਣ ਕਰਤਾ ਉਸ ਅਰਥ ਵਿੱਚ ਗ੍ਰਹਿਣ ਨਹੀਂ ਕਰਦਾ, ਉਹ ਉਸ ਦਾ ਅਰਥ ਕੁਝ ਹੋਰ ਸਮਝ ਲੈਂਦਾ ਹੈ ਤਾਂ ਸੰਚਾਰ ਵਿੱਚ ਰੁਕਾਵਟ ਪੈਦਾ ਹੋ ਜਾਂਦੀ ਹੈ। ਕੁਝ ਸ਼ਬਦਾਂ ਦੇ ਅਰਥ ਦੋਹਰੇ ਹੁੰਦੇ ਹਨ। ਸੰਚਾਲਕ ਕਹਿਣਾ ਕੁਝ ਚਾਹੁੰਦਾ ਹੈ ਅਤੇ ਪ੍ਰਾਪਤ ਕਰਤਾ ਉਸ ਨੂੰ ਭਿੰਨ ਅਰਥ ਵਿੱਚ ਲੈ ਲੈਂਦਾ ਹੈ। ਜਦੋਂ ਅਸੀਂ ਦੂਜੇ ਵਿਅਕਤੀ ਦੀ ਭਾਸ਼ਾ ਨਹੀਂ ਸਮਝ ਸਕਦੇ ਓਦੋਂ ਸੰਚਾਰ ਵਿੱਚ ਰੁਕਾਵਟ ਪੈਦਾ ਹੋ ਜਾਂਦੀ ਹੈ।


ਲੇਖਕ : ਮਧੂ ਬਾਲਾ,
ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 4127, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-20, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.